ਨਵਾਂਸ਼ਹਿਰ :ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਪ.ਸ.ਸ.ਫ .ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੀਨੀਅਰ ਆਗੂ ਲੈਕਚਰਾਰ ਸ਼ਾਮ ਸੁੰਦਰ ਕਪੂਰ ਜੀ ਲੱਗਭਗ 29 ਸਾਲਾ ਸਰਕਾਰੀ ਸੇਵਾ ਉਪਰੰਤ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸ਼ਹੀਦ ਭਗਤ ਸਿੰਘ ਨਗਰ ਤੋਂ ਸੇਵਾ ਮੁਕਤ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਜਰਨਲ ਸਕੱਤਰ ਜਸਵੀਰ ਤਲਵਾੜਾ ਨੇ ਦੱਸਿਆ ਕਿ ਪਿਤਾ ਸ਼੍ਰੀ ਤਰਸੇਮ ਲਾਲ ਅਤੇ ਮਾਤਾ ਕੁਸ਼ੱਲਿਆ ਰਾਣੀ ਦੇ ਸਪੁੱਤਰ ਸ਼ਾਮ ਸੁੰਦਰ ਕਪੂਰ ਨੇ ਆਪਣੇ ਚਾਚਾ ਜੀ ਅਤੇ ਉੱਘੇ ਮੁਲਾਜ਼ਮ ਆਗੂ ਸ਼੍ਰੀ ਸ਼ਾਦੀ ਰਾਮ ਕਪੂਰ ਜੀ ਦੇ ਪ੍ਰਭਾਵ ਸਦਕਾ ਚੜ੍ਹਦੀ ਉਮਰੇ ਆਪਣੀ ਪੜ੍ਹਾਈ ਦੇ ਨਾਲ਼- ਨਾਲ਼ ਲੋਕ ਪੱਖੀ ਲਹਿਰਾਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ । ਆਪ ਨੇ ਲੰਬਾ ਸਮਾਂ ਨੌਜਵਾਨਾਂ ਦੀ ਜਥੇਬੰਦੀ ਡੀ.ਵਾਈ.ਐਫ.ਆਈ ਵਿਚ ਬਤੌਰ ਜ਼ਿਲ੍ਹਾ ਆਗੂ ਕੰਮ ਕੀਤਾ । ਅਧਿਆਪਨ ਦੀ ਉੱਚ ਯੋਗਤਾ ਪ੍ਰਾਪਤ ਕਰਨ ਉਪਰੰਤ ਆਪ ਨੇ ਪੰਜ ਸਾਲ ਪ੍ਰਾਈਵੇਟ ਸਕੂਲ ਅਧਿਆਪਕ ਵਜੋਂ ਕੰਮ ਕੀਤਾ I ਮਾਰਚ 1994 ਆਪ ਨੇ ਬਤੌਰ ਹਿੰਦੀ ਮਾਸਟਰ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਜਨਵਰੀ 2022 ਵਿਚ ਆਪ ਲੈਕਚਰਾਰ ਹਿੰਦੀ ਪ੍ਰਮੋਟ ਹੋਏ । ਆਪਣੀ ਸੇਵਾ ਦਾ ਲੰਬਾ ਸਮਾਂ ਆਪ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬੀਹੜਾਂ ਵਿਖੇ ਗੁਜ਼ਾਰਿਆ । ਆਪ ਵੱਲੋਂ ਹਮੇਸ਼ਾ ਸੌ ਪ੍ਰਤੀਸ਼ਤ ਨਤੀਜੇ ਦਿੱਤੇ ਅਤੇ ਸਕੂਲ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤੇ । ਸਰਕਾਰੀ ਸੇਵਾ ਦੇ ਸ਼ੁਰੂਆਤੀ ਸਮੇਂ ਤੋ ਹੀ ਸ਼ਾਮ ਸੁੰਦਰ ਕਪੂਰ ਨੇ ਅਧਿਆਪਕਾਂ ਦੀ ਮਾਂ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਅਤੇ ਸਮੁੱਚੇ ਮੁਲਾਜ਼ਮ ਵਰਗ ਦੀ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀਆਂ ਸਰਗਰਮੀਆਂ ਵਿਚ ਆਗੂ ਰੋਲ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਜੋ ਹੁਣ ਤੱਕ ਨਿਰੰਤਰ ਜਾਰੀ ਹੈ ।ਇਸ ਸਮੇਂ ਆਪ ਪ੍ਰਧਾਨ ਗੋਰਮਿੰਟ ਟੀਚਰਜ਼ ਯੂਨੀਅਨ ਬਲਾਕ ਗੜ੍ਹਸ਼ੰਕਰ ਇਕ ਅਤੇ ਪ.ਸ.ਸ.ਫ. ਪ੍ਰਧਾਨ ਬਲਾਕ ਗੜ੍ਹਸ਼ੰਕਰ ਦੀ ਜਿੰਮੇਵਾਰੀ ਨਿਭਾ ਰਹੇ ਹਨ I ਸਾਹਿਤਕ ਰੁਚੀ ਰੱਖਣ ਵਾਲੇ ਸ਼ਾਮ ਸੁੰਦਰ ਕਪੂਰ ਵੱਲੋਂ ਅਨੇਕਾਂ ਲੋਕ ਤੇ ਸਮਾਜ ਪੱਖੀ ਕਵਿਤਾਵਾਂ ਅਤੇ ਗ਼ਜ਼ਲਾਂ ਮਾਂ ਬੋਲੀ ਦੀ ਝੋਲੀ ਪਾਈਆਂ ਹਨ ਜੋ ਕਿ ਸਮੇਂ-ਸਮੇਂ ਅਨੇਕਾਂ ਅਖਬਾਰਾਂ ਅਤੇ ਮੈਗਜੀਨਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਗੌਰਮਿੰਟ ਟੀਚਰਜ਼ ਪੰਜਾਬ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਇਕਾਈ ਜਿਲਾ ਹੁਸ਼ਿਆਰਪੁਰ ਅਤੇ ਬਲਾਕ ਗੜ੍ਹਸ਼ੰਕਰ ਦੀਆਂ ਟੀਮਾਂ ਆਪਣੇ ਇਸ ਅਣਥੱਕ ਯੋਧੇ ਅਤੇ ਅਧਿਆਪਕ- ਮੁਲਾਜ਼ਮ ਵਰਗ ਤੇ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਨੂੰ ਸਰਕਾਰੀ ਸੇਵਾਵਾਂ ਤੋਂ ਬਹੁਤ ਹੀ ਮਾਣ ਮੱਤੇ ਢੰਗ ਨਾਲ ਸੇਵਾ ਮੁਕਤ ਹੋਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦੀਆਂ ਹਨ ਅਤੇ ਆਸ ਕਰਦੀਆਂ ਹਨ ਕਿ ਸਾਥੀ ਭਵਿੱਖ ਵਿਚ ਵੀ ਆਪਣੀਆਂ ਲੋਕ ਤੇ ਸਮਾਜ ਪੱਖੀ ਸਰਗਰਮੀਆਂ ਜਾਰੀ ਰੱਖੇਗਾ