ਨਵਾਂਸ਼ਹਿਰ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਵਿਚ ਦੁੱਗਣਾ ਵਾਧਾ ਕਰ ਕੇ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਇਹ ਪ੍ਰਗਟਾਵਾ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਅੱਜ ਸਥਾਨਕ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਵਿਖੇ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ ਦੀ ਸ਼ੁਰੂਆਤ ਸਬੰਧੀ ਹੋਏ ਜ਼ਿਲਾ ਪੱਧਰੀ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਪੈਨਸ਼ਨ ਦੇ ਚੈੱਕ ਤਕਸੀਮ ਕਰਦਿਆਂ ਕੀਤਾ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੈਨਸ਼ਨ ਨੂੰ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨਾ ਸਮੁੱਚੇ ਵਿਕਾਸ ਵੱਲ ਇਕ ਹੋਰ ਮੀਲ ਪੱਥਰ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਜ਼ੁਰਗਾਂ, ਵਿਧਵਾਵਾਂ, ਬੇਸਹਾਰਾ ਬੱਚਿਆਂ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਦੀ ਰਾਸ਼ੀ ਨੂੰ ਵੀ ਵਧਾ ਕੇ 51 ਹਜ਼ਾਰ ਕਰਨਾ ਇਕ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਲੋੜਵੰਦ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿਚ ਮਦਦ ਮਿਲੀ ਹੈ। ਉਨਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਵਾਧੇ ਦਾ ਲਾਭ ਜ਼ਿਲੇ ਦੇ 70 ਹਜ਼ਾਰ ਲਾਭਪਾਤਰੀਆਂ ਨੂੰ ਮਿਲੇਗਾ। ਇਸ ਉਪਰੰਤ ਉਨਾਂ ਜ਼ਿਲੇ ਵਿਚ ਪੰਜ ਹੋਰਨਾਂ ਥਾਵਾਂ ’ਤੇ ਵੀ ਵੱਖ-ਵੱਖ ਸਮਾਗਮਾਂ ਦੌਰਾਨ ਖ਼ੁਦ ਲਾਭਪਾਤਰੀਆਂ ਨੂੰ ਪੈਨਸ਼ਨ ਚੈੱਕਾਂ ਦੀ ਵੰਡ ਕੀਤੀ, ਜਿਨਾਂ ਵਿਚ ਸਲੋਹ, ਲੰਗੜੋਆ, ਕਰੀਹਾ, ਉੜਾਪੜ ਅਤੇ ਭਾਰਟਾ ਕਲਾਂ ਸ਼ਾਮਲ ਸਨ। ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ, ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ, ਕੌਂਸਲਰ ਚੇਤ ਰਾਮ ਰਤਨ, ਪਰਵੀਨ ਭਾਟੀਆ, ਬਲਵਿੰਦਰ ਭੂੰਬਲਾ, ਕੁਲਵੰਤ ਕੌਰ ਤੇ ਜਸਬੀਰ ਕੌਰ ਬਡਵਾਲ, ਸਾਬਕਾ ਕੌਂਸਲਰ ਰੋਮੀ ਖੋਸਲਾ ਤੇ ਰਚਨਾ ਛਾਬੜਾ, ਲਲਿਤ ਸ਼ਰਮਾ, ਕਰਨ ਦੀਵਾਨ, ਜੈਦੀਪ ਜਾਂਗੜਾ, ਰੋਹਿਤ ਚੋਪੜਾ, ਹੈਪੀ ਭਾਟੀਆ, ਹਿੰਮਤ ਚੋਪੜਾ, ਜਤਿੰਦਰ ਕੌਰ, ਈਨਾ, ਅਦਿੱਤਿਆ, ਨਰਿੰਦਰ ਸੈਣੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਪੈਨਸ਼ਨਾਂ ਵਿਚ ਦੁੱਗਣਾ ਵਾਧਾ ਕਰਕੇ ਪੰਜਾਬ ਸਰਕਾਰ ਨੇ ਲੋੜਵੰਦਾਂ ਨੂੰ ਦਿੱਤੀ ਵੱਡੀ ਰਾਹਤ-ਵਿਧਾਇਕ ਅੰਗਦ ਸਿੰਘ
Aug 31, 2021