ਮਾਹਿਲਪੁਰ – ਇਲਾਕੇ ਦੇ ਸਮਾਜ ਭਲਾਈ ਕੰਮਾਂ ਵਿਚ ਸਦੀਵੀ ਮੋਹਰੀ ਰਹਿਣ ਵਾਲੀ ਸੰਸਥਾ ਹਕੂਮਤਪੁਰੀ ਹੈਲਪਿੰਗ ਆਰਗੇਨਾਈਜ਼ੇਸ਼ਨ ਵਲੋਂ ਸੰਤ ਅਤਰ ਸਿੰਘ ਖ਼ਾਲਸਾ ਸਕੂਲ ਪਾਲਦੀ ਵਿਖ਼ੇ ਇੱਕ ਸਾਦਾ ਸਮਾਗਮ ਪ੍ਰਿੰਸੀਪਲ ਸ਼ਿਵ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਅਵਤਾਰ ਸਿੰਘ, ਰਜਿੰਦਰ ਕੁਮਾਰ, ਮਨਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਸਮਾਗਮ ਵਿਚ ਸਕੂਲ ਦੇ 40 ਲੋੜਵੰਦ ਵਿਦਿਆਰਥੀਆਂ ਜਿਨ੍ਹਾਂ ਵਿਚ 26 ਲੜਕੀਆਂ ਅਤੇ 14 ਲੜਕੇ ਸਨ ਨੂੰ ਵਰਦੀਆਂ ਦਿੱਤੀਆਂ ਗਈਆਂ।
ਪ੍ਰਿੰਸੀਪਲ ਸ਼ਿਵ ਕੁਮਾਰ ਨੇ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਕੂਮਤਪੁਰੀ ਹੈਲਪਿੰਗ ਆਰਗੇਨਾਈਜ਼ੇਸ਼ਨ ਵਲੋਂ ਇਲਾਕੇ ਦੇ ਅਨੇਕਾ ਪਿੰਡਾਂ ਵਿਚ ਸਮਾਜ ਭਲਾਈ ਦੇ ਕੰਮ ਛੇੜੇ ਹੋਏ ਹਨ ਜਿਨ੍ਹਾਂ ਵਿਚ ਗਰੀਬ ਪਰਿਵਾਰਾਂ ਲਈ ਮਾਹਵਾਰ ਰਾਸ਼ਨ, ਬਿਮਾਰੀ ਲਈ ਮੁਫ਼ਤ ਇਲਾਜ, ਸਕੂਲਾਂ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ, ਫ਼ੀਸਾਂ ਅਤੇ ਹੋਰ ਸਮਾਨ ਸ਼ਾਮਿਲ ਹੈ। ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਸਾਰਾ ਸਮਾਜ ਭਲਾਈ ਕੰਮਾਂ ਦਾ ਕਾਰਜ ਡੈਲਿਸ ਟੀਮ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ੳਨ੍ਹਾਂ ਦੱਸਿਆ ਕਿ ਜਿਨ੍ਹਾ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੈ ਉੱਥੇ ਸੰਸਥਾ ਵਲੋਂ ਆਪਣੇ ਖ਼ਰਚੇ ’ਤੇ ਅਧਿਆਪਕ ਵੀ ਨਿਯੁਕਤ ਕੀਤੇ ਜਾਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਮੰਝ, ਬ੍ਰਿਜਮਨੀ, ਰਾਜੀਵ ਕੁਮਾਰ, ਮੁਕੇਸ਼ ਕੁਮਾਰ, ਪਦਮਜੀਤ ਕੌਰ, ਗੁਰਮੀਤ ਸਿੰਘ, ਰਵਿੰਦਰ ਸਿੰਘ, ਦਲਜੀਤ ਸਿੰਘ, ਇੰਦਰਜੀਤ ਸਿੰਘ ਸਮੇਤ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।