…………..ਕਾਤਿਲ ਕੌਣ…………

by

ਨਵੀਂ ਕਲੋਨੀ ਅਤੇ ਨਵੀਂ ਕੋਠੀ ਦਾ ਚਾਅ ਕੇਵਲ ਮੈਨੂੰ ਹੀ ਨਹੀਂ ਸੀ ਬਲਕਿ ਮੇਰੇ ਦੋਨੋਂ ਬੱਚਿਆਂ ਅਤੇ ਮੇਰੇ ਪਤੀ ਪਰਮੇਸ਼ਵਰ ਨੂੰ ਵੀ ਸੀ ।ਇਹ ਕਲੋਨੀ ਨਵੀਂ ਹੀ ਬਣੀ ਸੀ ਤੇ ਸਾਡੇ ਵਾਲੀ ਲਾਈਨ ਵਿੱਚ ਸਿਰਫ ਤਿੰਨ ਹੀ ਘਰ ਸਨ ।ਮੇਰੇ ਘਰ ਤੋਂ ਇਲਾਵਾ ਸਾਡੇ ਸਾਹਮਣੇ ਬਣੇ ਘਰ ਵਿਚ ਇਕ ਬਿਜ਼ਨੈੱਸਮੈਨ ਫੈਮਿਲੀ ਰਹਿੰਦੀ ਸੀ ਜਿਸ ਨੂੰ ਅਸੀਂ ਇੱਕ ਮੱਧ ਵਰਗੀ ਪਰਿਵਾਰ ਕਹਿ ਸਕਦੇ ਹਾਂ ਅਤੇ ਗਲੀ ਦੇ ਅੰਤ ਵਿਚ ਇਕ ਡਾਕਟਰ ਦੰਪਤੀ ਦਾ ਘਰ ਸੀ ।ਮੇਰੇ ਘਰ ਦੇ ਦੋਵੇਂ ਪਾਸੇ ਪਲਾਟ ਖਾਲੀ ਸਨ ਵੈਸੇ ਤੇ ਚੰਗਾ ਲੱਗਦਾ ਸੀ ਕਿ ਸਾਰੇ ਪਾਸੇ ਹਰਾ ਭਰਾ ਤੇ ਪ੍ਰਦੂਸ਼ਣ ਰਹਿਤ ਹੈ ।ਜਦ ਕਦੇ ਮੀਂਹ ਪੈਂਦਾ ਤਾਂ ਮੈਂ ਤੇ ਮੇਰੇ ਪਤੀ ਛੱਤ ਉਪਰ ਜਾ ਕੇ ਦੀਵਾਰ ਤੋਂ ਝਾਕਦੇ ਤਾਂ ਖਾਲੀ ਪਲਾਟ ਵੱਲ ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ । ਇਹ ਨਜ਼ਾਰਾ ਦੇਖ ਕੇ ਮੇਰੇ ਪਤੀ ਹੱਸ ਕੇ ਕਹਿੰਦੇ ਚੱਲ ਵੀ ਬੱਲੀਏ! ਹੁਣ ਤੈਨੂੰ ਸ਼ਿਮਲਾ ਮਨਾਲੀ ਜਾਣ ਦੀ ਲੋੜ ਨਹੀਂ, ਤੈਨੂੰ ਤੇ ਸ਼ਿਮਲਾ ਮਨਾਲੀ ਸਾਡੇ ਘਰ ਦੀ ਛੱਤ ਤੋਂ ਹੀ ਨਜ਼ਰ ਆ ਰਹੇ ਨੇ ।
ਪਰ ਇੱਕ ਚੀਜ਼ ਜੋ ਇੱਥੇ ਨਵੇਂ ਘਰ ਆ ਕੇ ਮੈਨੂੰ ਔਖੀ ਲੱਗੀ ਉਹ ਸੀ ਕੰਮ ਵਾਲੀ ਦਾ ਨਾ ਮਿਲਣਾ । ਮੇਰੇ ਘਰ ਦੇ ਸਾਹਮਣੇ ਬਿਜ਼ਨਸਮੈਨ ਪਰਿਵਾਰ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਉਨ੍ਹਾਂ ਨੇ ਕੋਈ ਵੀ ਨੌਕਰ ਨਹੀਂ ਰੱਖਿਆ ਤੇ ਉਹ ਘਰ ਦੀਆਂ ਔਰਤਾਂ ਘਰ ਦਾ ਸਾਰਾ ਕੰਮ ਖੁਦ ਹੀ ਨਿਪਟਾ ਲੈਂਦੀਆਂ ਸਨ । ਅਤੇ ਡਾਕਟਰ ਸਾਹਿਬ ਦੇ ਘਰ ਜਾ ਕੇ ਉਨ੍ਹਾਂ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਉਨ੍ਹਾਂ ਦੇ ਨੌਕਰੀਪੇਸ਼ਾ ਹੋਣ ਕਰ ਕੇ ਉਨ੍ਹਾਂ ਨੇ ਇਕ ਪੱਕੇ ਤੌਰ ਤੇ ਕਾਮਾ ਰੱਖਿਆ ਹੈ ਜੋ ਸਵੇਰ ਤੋਂ ਸ਼ਾਮ ਤਕ ਉਨ੍ਹਾਂ ਦਾ ਕੰਮ ਕਰਦਾ ਹੈ ।ਹੁਣ ਕੰਮਵਾਲੀ ਦਾ ਨਾ ਮਿਲਣਾ ਮੇਰੇ ਲਈ ਵੱਡੀ ਸਮੱਸਿਆ ਬਣ ਚੁੱਕੀ ਸੀ ।ਇਕ ਤੇ ਮੇਰਾ ਨੌਕਰੀ ਪੇਸ਼ਾ ਹੋਣਾ ਤੇ ਉੱਪਰੋਂ ਵੀਹ ਸਾਲ ਤੋਂ ਪੁਰਾਣੀ ਰੀੜ੍ਹ ਦੀ ਹੱਡੀ ਦਾ ਦਰਦ ਜਿਸ ਕਰ ਕੇ ਨਾਂ ਮੈਂ ਜ਼ਿਆਦਾ ਝੁਕ ਸਕਦੀ ਸੀ ਤੇ ਨਾ ਹੀ ਜ਼ਿਆਦਾ ਕੰਮ ਕਰ ਸਕਦੀ ਸੀ।
ਮੇਰੇ ਪਰਿਵਾਰ ਵਿੱਚ ਮੇਰੇ ਦੋ ਬੇਟੇ ਵੀ ਸਨ ਦੋਨੋਂ ਬੇਟੇ ਪੜ੍ਹਦੇ ਸਨ ।ਕੁੜੀਆਂ ਵਾਲੇ ਘਰ ਵਿਚ ਤਾਂ ਫੇਰ ਵੀ ਕੁੜੀਆਂ ਕੰਮ ਵਿੱਚ ਹੱਥ ਵਟਾ ਦਿੰਦੀਆਂ ਹਨ । ਪਰ ਮੇਰੇ ਦੋਵੇਂ ਪੁੱਤਰ ਤਾਂ ਆਪਣੇ ਪਿਤਾ ਵਾਂਗ ਹੀ ਬੈੱਡ ਤੇ ਬੈਠ ਕੇ ਹਰ ਖਾਣੇ ਦੀ ਮੰਗ ਕਰਦੇ ਸਨ । ਹੁਣ ਮੇਰੇ ਲਈ ਕੰਮਵਾਲੀ ਤੋਂ ਬਿਨਾਂ ਇਕ ਹਫ਼ਤਾ ਲੰਘਾਉਣਾ ਵੀ ਔਖਾ ਹੋ ਗਿਆ ਪਰ ਮੈਂ ਕਹਿੰਦੀ ਵੀ ਤਾਂ ਕਿਸਨੂੰ।
ਇੱਕ ਦਿਨ ਮੈਂ ਘਰ ਦੇ ਗੇਟ ਕੋਲ ਖਲੋਤੀ ਸਾਂ ਤੇ ਮੇਰੇ ਕੋਲੋਂ ਇੱਕ ਭਾਰੀ ਭਰਕਮ ਔਰਤ ਗੁਜ਼ਰੀ ਮੈਂ ਉਸ ਨੂੰ ਬੁਲਾਇਆ ਤੇ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ? ਬਹਿਨ ਜੀ! ਕਿਆ ਕਰਤੀ ਹੂੰ ਦਿਹਾੜੀ ਕਰਤੀ ਹੂੰ ਗ਼ਰੀਬ ਆਦਮੀ ਕਿਆ ਕਰ ਸਕਤਾ ਹੈ ?ਮੈਂ ਠੇਕੇਦਾਰ ਕੇ ਸਾਥ ਦਿਹਾੜੀ ਕਰਤੀ ਹੂੰ ਸੁਬ੍ਹਾ ਸੇ ਸ਼ਾਮ ਤੱਕ ਈਂਟੇਂ ਉਠਾਤੀ ਹੂੰ, ਤਬ ਜਾ ਕੇ ਸ਼ਾਮ ਕੋ ਚਾਰ ਸੌ ਪਚਾਸ ਰੁਪਏ ਮਿਲਤੇ ਹੈਂ । ਮੈਂ ਉਸ ਦੀ ਸਾਰੀ ਗੱਲ ਸੁਣੀ ਤੇ ਉਸ ਨੂੰ ਮੇਰੇ ਘਰ ਦਾ ਕੰਮ ਕਰਨ ਬਾਰੇ ਪੁੱਛਿਆ । ਪਰ ਉਸ ਨੇ ਸਾਫ਼ ਨਾਂਹ ਕਰ ਦਿੱਤੀ ਕਿਉਂਕਿ ਘਰ ਦਾ ਕੰਮ ਕਰਨ ਤੇ ਉਸ ਦਾ ਗੁਜ਼ਾਰਾ ਨਹੀਂ ਹੋਵੇਗਾ ਉਸ ਨੂੰ ਰੋਜ਼ ਚਾਰ ਸੌ ਪੰਜਾਹ ਰੁਪਏ ਦਿਹਾੜੀ ਤੋਂ ਮਿਲ ਜਾਂਦੇ ਹਨ ।ਉਸ ਨੂੰ ਮੇਰੇ ਨਾਲ ਗੱਲਾਂ ਕਰਦਿਆਂ ਇਹ ਭਲੀ ਭਾਂਤੀ ਪਤਾ ਚੱਲ ਚੁੱਕਾ ਸੀ ਕਿ ਮੈਨੂੰ ਕੰਮ ਵਾਲੀ ਦੀ ਲੋਡ਼ ਹੈ । ਉਸ ਨੇ ਕਿਹਾ ਮੇਰੀ ਇਕ ਬੇਟੀ ਅਠਾਰਾਂ ਸਾਲ ਦੀ ਹੈ ਜੋ ਤੁਹਾਡੇ ਘਰ ਦੇ ਕੰਮ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦੀ ਹੈ। ਤੇ ਬੱਸ ਅਗਲੇ ਦਿਨ ਉਹ ਆਪਣੀ ਬੇਟੀ ਨਾਲ ਮੇਰੇ ਘਰ ਆ ਗਈ । ਮੈਨੂੰ ਉਸ ਦੀ ਬੇਟੀ ਅਠਾਰਾਂ ਸਾਲ ਦੀ ਬਿਲਕੁਲ ਵੀ ਨਾ ਲੱਗੀ । ਉਸ ਦਾ ਕੱਦ ਬਹੁਤ ਨਿੱਕਾ ਸੀ ਤੇ ਪਤਲਾ ਜਿਹਾ ਸਰੀਰ ਸੀ । ਮੈਂ ਦੁਬਾਰਾ ਪੁੱਛਿਆ ਕੀ ਤੂੰ ਅਠਾਰਾਂ ਸਾਲ ਦੀ ਹੈ ? ਪੁੱਛਣ ਤੇ ਉਸ ਦੀ ਮਾਂ ਫਟਾਫਟ ਬੋਲੀ -” ਅਠਾਰਾਂ ਕੀ ਨਹੀਂ ਤੋਂ ਸੋਲ਼ਾਂ ਕੀ ਹੋਗੀ ਦੀਦੀ, ਮੇਰੇ ਕੋ ਤੋ ਇਸ ਕੇ ਜਨਮ ਕਾ ਸਾਲ ਭੀ ਯਾਦ ਨਹੀਂ ।” ਸ਼ਾਇਦ ਉਹ ਉਮਰ ਵਾਲੀ ਗੱਲ ਟਾਲਣਾ ਚਾਹੁੰਦੀ ਸੀ। ਮੈਂ ਕੁੜੀ ਨੂੰ ਧਿਆਨ ਨਾਲ ਦੇਖਿਆ, ਸਾਂਵਲਾ ਰੰਗ , ਮੋਟੀਆਂ ਅੱਖਾਂ, ਚਿੱਟੇ ਚਿੱਟੇ ਦੰਦ, ਦੋ ਗੁੱਤਾਂ, ਅੱਖਾਂ ਵਿੱਚ ਮੋਟਾ ਮੋਟਾ ਸੁਰਮਾ, ਨੱਕ ਵਿੱਚ ਕੋਕਾ ਅਤੇ ਕੰਨਾਂ ਵਿੱਚ ਕਾਂਟੇ ਪਾਏ ਹੋਏ ਸਨ। ਬੇਸ਼ੱਕ ਉਹ ਰੰਗ ਦੀ ਪੱਕੀ ਸੀ ਪਰ ਉਸ ਦੀ ਇੱਕ ਝਲਕ ਮੇਰੇ ਮਨ ਦੇ ਅੰਦਰ ਤਕ ਸਮਾ ਗਈ। ਮੇਰੇ ਪੁੱਛਣ ਤੇ ਉਸਨੇ ਆਪਣਾ ਨਾਮ ਰਿੰਕੀ ਦੱਸਿਆ। ਮੈਂ ਰਿੰਕੀ ਦੀ ਮਾਂ ਨੂੰ ਕਿਹਾ ਕਿ ਜਿੰਨੀ ਦੇਰ ਕੋਈ ਹੋਰ ਕੰਮ ਵਾਲੀ ਨਹੀਂ ਮਿਲ ਜਾਂਦੀ ਤੂੰ ਇਸ ਨੂੰ ਹੀ ਮੇਰੇ ਘਰ ਭੇਜ ਦਿਆ ਕਰ ।
ਅਗਲੇ ਦਿਨ ਰਿੰਕੀ ਕੰਮ ਤੇ ਆਈ ਤਾਂ ਉਸ ਨੂੰ ਦੇਖ ਕੇ ਮੇਰੇ ਪਤੀ ਮੈਨੂੰ ਡਾਂਟਣ ਲੱਗੇ। ਕਹਿਣ ਲੱਗੇ ਕਿ ਕੀ ਹੁਣ ਤੂੰ ਸਾਡੇ ਘਰ ਵਿੱਚ ਬਾਲ ਮਜ਼ਦੂਰੀ ਕਰਵਾਏਗੀ ?? ਮੈਂ ਆਪਣੇ ਪਤੀ ਨੂੰ ਸਮਝਾਇਆ ਕਿ ਇਹ ਆਪਣੇ ਘਰ ਵੀ ਤੇ ਕੰਮ ਕਰਦੀ ਹੈ ਜੇਕਰ ਇਹ ਮੇਰੇ ਘਰ ਵਿੱਚ ਕੰਮ ਕਰੇਗੀ ਤਾਂ ਮੈਂ ਇਸ ਨੂੰ ਚੰਗਾ ਖਾਣ ਤੇ ਚੰਗਾ ਪਹਿਨਣ ਨੂੰ ਦਿਆਂਗੀ। ਜਲਦ ਹੀ ਮੈਂ ਇਸ ਨੂੰ ਸਕੂਲ ਵਿੱਚ ਵੀ ਦਾਖ਼ਲ ਕਰਾ ਦਿਆਂਗੀ। ਇਸ ਦਾ ਬਚਪਨ ਵੀ ਸੁਧਰ ਜਾਏਗਾ ਤੇ ਇਸ ਦੀ ਮਾਂ ਨੂੰ ਪੈਸੇ ਵੀ ਮਿਲ ਜਾਣਗੇ ਦੋਨਾਂ ਘਰਾਂ ਦਾ ਕੰਮ ਵੀ ਚੱਲ ਪਵੇਗਾ ।
ਰਿੰਕੀ ਜਦ ਨਵੀਂ ਨਵੀਂ ਮੇਰੇ ਘਰ ਆਈ ਤਾਂ ਬਿਲਕੁੱਲ ਵੀ ਬੋਲਦੀ ਨਹੀਂ ਸੀ ਉਸ ਨੂੰ ਜੋ ਵੀ ਕੰਮ ਦਿੱਤਾ ਜਾਂਦਾ ਉਹ ਫਟਾਫਟ ਕੰਮ ਮੁਕਾ ਦਿੰਦੀ। ਪਰ ਹੌਲੀ ਹੌਲੀ ਉਹ ਸਾਡੇ ਵਿੱਚ ਘੁਲ ਮਿਲ ਗਈ। ਹੁਣ ਉਹ ਮੇਰੀ , ਮੇਰੇ ਬੇਟਿਆਂ ਤੇ ਮੇਰੇ ਪਤੀ, ਸਭ ਦੀ ਚਹੇਤੀ ਬਣ ਚੁੱਕੀ ਸੀ । ਜੋ ਮੈਂ ਆਪਣੇ ਬੱਚਿਆਂ ਨੂੰ ਖਾਣ ਲਈ ਦਿੰਦੀ ਉਹ ਰਿੰਕੀ ਨੂੰ ਵੀ ਦਿੰਦੀ। ਜੇਕਰ ਮੇਰੇ ਬੱਚੇ ਦੇਸੀ ਘਿਓ ਦੇ ਪਰਾਂਠੇ ਨਾਲ ਮੱਖਣ ਖਾਂਦੇ ਤਾਂ ਉਸ ਨੂੰ ਵੀ ਮੱਖਣ ਪਰਾਂਠਾ ਹੀ ਮਿਲਦਾ। ਮੈਂ ਉਸ ਨੂੰ ਖਾਣ ਲਈ ਫਲ ਤੇ ਦੁੱਧ ਵੀ ਦਿੰਦੀ । ਦੇਖਦੇ ਹੀ ਦੇਖਦੇ ਰਿੰਕੀ ਦੀ ਸਿਹਤ ਬਹੁਤ ਚੰਗੀ ਹੋ ਗਈ। ਪਹਿਲਾਂ ਚੁੱਪ ਰਹਿਣ ਵਾਲੀ ਰਿੰਕੀ ਹੁਣ ਬਹੁਤ ਗੱਲਾਂ ਮਾਰਨ ਲੱਗੀ । ਇਕ ਦਿਨ ਗੱਲਾਂ ਕਰਦੀ ਮੈਨੂੰ ਕਹਿਣ ਲੱਗੀ – “ਕੱਲ ਹਮਾਰੇ ਕੋ ਏਕ ਲੜਕਾ ਦੇਖਨੇ ਆਇਆ ਥਾ।” ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਸ ਕਰਕੇ ਨਹੀਂ ਕਿ ਰਿੰਕੀ ਵਿਆਹ ਕੇ ਮੇਰੇ ਘਰ ਕੰਮ ਕਰਨ ਨਹੀਂ ਆਏਗੀ ਬਲਕਿ ਐਨੀ ਛੋਟੀ ਉਮਰ ਵਿੱਚ ਇਸ ਦਾ ਵਿਆਹ ਹੋ ਜਾਏਗਾ ਇਹ ਚਿੰਤਾ ਮੈਨੂੰ ਸਤਾ ਰਹੀ ਸੀ । ਮੈਂ ਉਸ ਨੂੰ ਪੁੱਛਿਆ,” ਰਿੰਕੀ! ਕੀ ਤੂੰ ਇਹ ਵਿਆਹ ਕਰਾਉਣਾ ਚਾਹੁੰਦੀ ਏਂ ?” ਉਹ ਬੋਲੀ -” ਹਾਂ ਆਂਟੀ !ਹਮਾਰੇ ਯਹਾਂ ਤੋ ਇਤਨੀ ਉਮਰ ਕੀ ਸਭੀ ਲੜਕੀਓਂ ਕੀ ਸ਼ਾਦੀ ਹੋ ਜਾਤੀ ਹੈ, ਅਭੀ ਮੇਰੀ ਉਮਰ ਤੋਂ ਜ਼ਿਆਦਾ ਹੋ ਗਈ ਹੈ, ਮੇਰੀ ਮੰਮੀ ਮੇਰੀ ਬਹੁਤ ਚਿੰਤਾ ਕਰਤੀ ਹੈ ਕਿਉਂਕਿ ਮੇਰੀ ਸ਼ਾਦੀ ਹੋਗੀ ਤਭੀ ਤੋ ਮੇਰੀ ਛੋਟੀ ਬਹਿਨੋਂ ਕੀ ਸ਼ਾਦੀ ਹੋਗੀ ਨਾ।” ਉਹ ਇੰਝ ਸਮਝਾਉਣ ਲੱਗੀ ਜਿਵੇਂ ਮੈਨੂੰ ਕਿਸੇ ਚੀਜ਼ ਦਾ ਪਤਾ ਹੀ ਨਾ ਹੋਵੇ । ਮੈਂ ਰਿੰਕੀ ਦੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਜੇ ਤੇਰੀ ਕੁੜੀ ਦੀ ਉਮਰ ਸੋਲ਼ਾਂ ਸਾਲ ਦੀ ਵੀ ਨਹੀਂ ਤੂੰ ਇਸ ਦਾ ਵਿਆਹ ਅਜੇ ਨਾ ਕਰ । ਕੁੜੀ ਤੇ ਕੁਝ ਤਰਸ ਖਾ ਮੈਂ ਇਸ ਨੂੰ ਆਪਣੇ ਸਕੂਲ ਵਿੱਚ ਦਾਖ਼ਲ ਕਰਵਾ ਦੇਵਾਂਗੀ ਤੂੰ ਇਸ ਦੀ ਪੜ੍ਹਾਈ ਪੂਰੀ ਕਰਵਾ ।
ਮੈਂ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰ ਕੇ ਉਸ ਨੂੰ ਸਕੂਲ ਦਾਖਲ ਕਰਵਾ ਦਿੱਤਾ । ਭਾਵੇਂ ਉਸ ਦੀ ਉਮਰ ਛੇਵੀਂ ਜਮਾਤ ਦੇ ਦਾਖਲੇ ਲਈ ਵੱਡੀ ਸੀ ਪਰ ਫੇਰ ਵੀ ਮੈਂ ਉਸ ਨੂੰ ਛੇਵੀਂ ਜਮਾਤ ਵਿਚ ਦਾਖਲ ਕਰਵਾਇਆ। ਹੁਣ ਮੈਂ ਰੋਜ਼ ਹੀ ਉਸ ਨੂੰ ਆਪਣੇ ਨਾਲ ਸਕੂਟਰ ਤੇ ਬਿਠਾ ਕੇ ਸਕੂਲ ਲੈ ਜਾਂਦੀ ਅਤੇ ਆਪਣੇ ਨਾਲ ਹੀ ਉਸ ਨੂੰ ਘਰ ਵਾਪਸ ਲੈ ਆਉਂਦੀ । ਪੜ੍ਹਨਾ ਲਿਖਣਾ ਤਾਂ ਉਸ ਨੂੰ ਘੱਟ ਹੀ ਆਉਂਦਾ ਸੀ ਪਰ ਰੋਜ਼ਾਨਾ ਸਕੂਲ ਜਾਣਾ ਉਸ ਦਾ ਨਿੱਤ ਨੇਮ ਬਣ ਚੁੱਕਾ ਸੀ । ਜਦ ਉਹ ਵਰਦੀ ਪਾ ਕੇ ਸੋਹਣੀ ਤਿਆਰ ਹੋ ਕੇ ਮੇਰੇ ਨਾਲ ਸਕੂਲ ਜਾਂਦੀ ਤਾਂ ਮੈਨੂੰ ਲੱਗਦਾ ਕਿ ਮੇਰੇ ਦੋ ਬੇਟੇ ਤੇ ਇਕ ਬੇਟੀ ਹੈ, ਰਿੰਕੀ ਦੇ ਰੂਪ ਵਿੱਚ। ਘਰ ਵਿੱਚ ਮੇਰੇ ਪਤੀ ਤੇ ਮੇਰੇ ਬੇਟੇ ਵੀ ਉਸ ਨੂੰ ਪੜ੍ਹਾਉਂਦੇ। ਕਦੇ ਕਦੇ ਉਹਨੂੰ ਪੜ੍ਹਾਉਂਦਿਆਂ ਏਨਾ ਸਮਾਂ ਲੱਗ ਜਾਂਦਾ ਕਿ ਘਰ ਦੇ ਕੁਝ ਕੰਮ ਰਹਿ ਜਾਂਦੇ । ਮੈਨੂੰ ਅੰਦਰੋ ਅੰਦਰੀ ਗੁੱਸਾ ਆਉਂਦਾ ਪਰ ਖ਼ੁਸ਼ੀ ਵੀ ਹੁੰਦੀ ਕਿ ਅਸੀਂ ਨੇਕ ਕੰਮ ਕਰ ਰਹੇ ਹਾਂ ਇਸ ਲੜਕੀ ਨੂੰ ਪੜ੍ਹਾ ਰਹੇ ਹਾਂ। ਦੇਖਦੇ ਹੀ ਦੇਖਦੇ ਉਸ ਨੇ ਛੇਵੀਂ ਪਾਸ ਕਰ ਲਈ ਤੇ ਇਸ ਸਮੇਂ ਦੌਰਾਨ ਉਸ ਨੇ ਕਦੀ ਆਪਣੇ ਵਿਆਹ ਦੀ ਗੱਲ ਨਾ ਕੀਤੀ । ਹੁਣ ਰਿੰਕੀ ਸਾਡੇ ਘਰ ਦਾ ਹਿੱਸਾ ਬਣ ਚੁੱਕੀ ਸੀ ਜੇਕਰ ਕਦੇ ਉਹ ਛੁੱਟੀ ਲੈ ਲੈਂਦੀ ਤਾਂ ਸਾਡਾ ਦਿਲ ਨਾ ਲੱਗਦਾ ।
ਫਿਰ ਇੱਕ ਦਿਨ ਰਿੰਕੀ ਕੰਮ ਤੇ ਨਾ ਆਈ । ਮੈਂ ਉਸ ਦੀ ਮਾਂ ਨੂੰ ਫੋਨ ਕੀਤਾ, ਉਸ ਦੀ ਮਾਂ ਨੇ ਪੁੱਛਣ ਤੇ ਦੱਸਿਆ ਕਿ ਉਸ ਨੂੰ ਬੁਖਾਰ ਹੈ । ਪਰ ਅਗਲੇ ਦਿਨ ਰਿੰਕੀ ਜਦ ਸਾਡੇ ਘਰ ਆਈ ਤਾਂ ਉਸ ਦੇ ਹੱਥਾਂ ਵਿੱਚ ਲਾਲ ਰੰਗ ਦੀਆਂ ਚੂੜੀਆਂ ਪਾਈਆਂ ਹੋਈਆਂ ਸਨ ,ਪੈਰਾਂ ਵਿੱਚ ਮੋਟੀਆਂ ਮੋਟੀਆਂ ਝਾਂਜਰਾਂ ਪਾਈਆਂ ਹੋਈਆਂ ਸਨ ਤੇ ਬੁੱਲ੍ਹਾਂ ਉੱਤੇ ਹਲਕੀ ਜਿਹੀ ਲਿਪਸਟਿਕ ਵੀ ਲਾਈ ਹੋਈ ਸੀ । ਇਹ ਸਭ ਕੁਝ ਦੇਖ ਕੇ ਮੈਂ ਉਸ ਨੂੰ ਪਿਆਰੀ ਜਿਹੀ ਝਿੜਕ ਨਾਲ ਕਿਹਾ-” ਰਿੰਕੀ ਸੱਤਵੀਂ ਜਮਾਤ ਦੀ ਵਿਦਿਆਰਥਣ ਹੋ ਕੇ ਤੂੰ ਲਿਪਸਟਿਕ ਲਗਾਈ ਹੋਈ ਹੈ ?”ਉਹ ਸ਼ਰਮਾ ਗਈ । ਮੈਂ ਦੁਬਾਰਾ ਪੁੱਛਿਆ ਰਿੰਕੀ ਕੀ ਹੋਇਆ ਅੱਜ ਤੂੰ ਐਨੀ ਸਜੀ ਧਜੀ ਕਿਉਂ ਹੈ ??? ਉਸ ਨੇ ਜਵਾਬ ਵਿੱਚ ਦੱਸਿਆ ਕਿ ਉਸ ਦਾ ਰਿਸ਼ਤਾ ਤੈਅ ਹੋ ਚੁੱਕਾ ਹੈ । ਕੀ??? ਤੇਰਾ ਰਿਸ਼ਤਾ ਤੈਅ ਹੋ ਚੁੱਕਾ ਹੈ??? ਮੈਂ ਤੇ ਮੇਰੇ ਕੋਲ ਬੈਠੇ ਮੇਰੇ ਦੋਨੋਂ ਬੇਟੇ ਹੈਰਾਨੀ ਨਾਲ ਪੁੱਛਣ ਲੱਗੇ।ਸਾਨੂੰ ਦੁੱਖ ਲੱਗਾ ਕਿ ਉਸਦੀ ਮਾਂ ਨੇ ਇੰਨੀ ਛੋਟੀ ਉਮਰ ਵਿੱਚ ਉਸ ਦਾ ਰਿਸ਼ਤਾ ਕਰ ਦਿੱਤਾ ਹੈ ਮੈਂ ਉਸ ਦੀ ਮਾਂ ਨੂੰ ਫੋਨ ਕਰਕੇ ਘਰ ਬੁਲਾਇਆ ।ਉਸ ਦੀ ਮਾਂ ਆ ਕੇ ਕਹਿਣ ਲੱਗੀ-” ਦੀਦੀ ਕਿਆ ਕਰੇਂ ??ਅਭੀ ਇਸਕੀ ਚਾਰ ਬਹਿਨੇਂ ਔਰ ਹੈਂ ,ਅਬ ਤੋਂ ਲੜਕਾ ਅੱਛਾ ਮਿਲ ਰਿਹਾ ਹੈ , ਮੈਂ ਇਸ ਕਾ ਗੋਨਾ ਨਹੀਂ ਕਰੂੰਗੀ ਸਿਰਫ਼ ਸ਼ਾਦੀ ਕਰੂੰਗੀ, ਗੋਨਾ ਤੋਂ ਦੋ ਤੀਨ ਸਾਲ ਬਾਅਦ ਹੀ ਕਰੂੰਗੀ ।”ਮੈਂ ਉਸ ਕੋਲੋਂ ਵਾਅਦਾ ਲਿਆ ਕਿ ਉਹ ਅਜੇ ਰਿੰਕੀ ਨੂੰ ਏਨੀ ਛੋਟੀ ਉਮਰ ਵਿੱਚ ਸਹੁਰੇ ਘਰ ਨਹੀਂ ਭੇਜੇਗੀ ।ਮੈਂ ਉਸ ਨੂੰ ਡਰਾਵਾ ਵੀ ਦਿੱਤਾ ਕਿ ਜੇਕਰ ਉਸ ਨੇ ਅਜਿਹਾ ਕੀਤਾ ਤੇ ਮੈਂ ਉਸ ਨੂੰ ਪੁਲਿਸ ਕੋਲ ਫੜਾ ਦੇਵਾਂਗੀ।
ਫਿਰ ਬੱਸ ਰਿੰਕੀ ਨੇ ਮਹੀਨਾ ਕੁ ਹੋਰ ਕੰਮ ਕੀਤਾ ਤੇ ਮਹੀਨੇ ਬਾਅਦ ਰਿੰਕੀ ਦੀ ਮਾਂ ਆਈ ਤੇ ਕਹਿਣ ਲੱਗੀ ਕਿ ਹੁਣ ਰਿੰਕੀ ਕੰਮ ਨਹੀਂ ਕਰੇਗੀ ਕਿਉਂਕਿ ਅਗਲੇ ਮਹੀਨੇ ਇਸਕੀ ਸ਼ਾਦੀ ਤੈਅ ਹੋ ਗਈ ਹੈ। ਇਹ ਸੁਣ ਕੇ ਮੇਰਾ ਮਨ ਬਹੁਤ ਖ਼ਰਾਬ ਹੋਇਆ। ਮੈਨੂੰ ਘਰ ਦੇ ਕੰਮ ਦੀ ਐਨੀ ਚਿੰਤਾ ਨਹੀਂ ਸੀ ਪਰ ਇੰਝ ਲੱਗ ਰਿਹਾ ਸੀ ਜਿਵੇਂ ਮੇਰਾ ਕੋਈ ਅੰਗ ਕੱਟ ਕੇ ਲੈ ਜਾ ਰਿਹਾ ਹੋਵੇ ।
ਰਿੰਕੀ ਦੇ ਵਿਆਹ ਤੇ ਮੈਂ ਉਸਦੇ ਦਾਜ ਲਈ ਕਾਫੀ ਸਾਮਾਨ ਦਿੱਤਾ । ਪਰ ਉਸ ਦੇ ਵਿਆਹ ਤੇ ਉਸ ਨੂੰ ਜਾਂਦੇ ਹੋਏ ਦੇਖਣ ਦੀ ਮੇਰੀ ਹਿੰਮਤ ਨਾ ਹੋਈ।
ਇਕ ਦਿਨ ਦੁਪਹਿਰ ਵੇਲੇ ਮੈਂ ਸੋ ਰਹੀ ਸੀ ਤਾਂ ਦਰਵਾਜ਼ੇ ਤੇ ਘੰਟੀ ਵੱਜੀ ਮੈਂ ਬੇਟੇ ਨੂੰ ਕਿਹਾ ਕਿ ਦੇਖ ਇਸ ਸਮੇਂ ਕੌਣ ਆਇਆ ਹੈ। ਮੈਂ ਅੱਖਾਂ ਬੰਦ ਕਰ ਕੇ ਲੇਟੀ ਰਹੀ ਅੱਜ ਸਕੂਲ ਵਿੱਚ ਕੰਮ ਵੀ ਜ਼ਿਆਦਾ ਸੀ ਤੇ ਥਕਾਵਟ ਵੀ ਬਹੁਤ ਸੀ। ਅਚਾਨਕ ਮੇਰੇ ਕੰਨਾਂ ਵਿੱਚ ਘੁੰਗਰੂਆਂ ਦੀ ਛਮ ਛਮ ਦੀ ਆਵਾਜ਼ ਆਈ। ਕੋਈ ਛਮ ਛਮ ਕਰਦਾ ਮੇਰੇ ਵਿਹੜੇ ਵਿਚ ਵੜਿਆ । ਮੇਰੀਆਂ ਅੱਖਾਂ ਬੰਦ ਹੀ ਸਨ ਮੈਂ ਬੇਟੇ ਨੂੰ ਆਵਾਜ਼ ਲਗਾ ਕੇ ਪੁੱਛਿਆ ਕਿ ਕੌਣ ਹੈ । “ਹਮ ਹੈਂ ਰਿੰਕੀ ” ਏਨਾ ਕਹਿ ਕੇ ਉਹ ਮੇਰੇ ਕੋਲ ਆਈ ਤੇ ਮੈਨੂੰ ਜੱਫੀ ਪਾ ਕੇ ਮਿਲੀ। ਉਸ ਨੂੰ ਦੇਖ ਕੇ ਮੈਂ ਆਪਣੀ ਸਾਰੀ ਥਕਾਨ ਭੁੱਲ ਗਈ। ਉਹ ਗੱਲਾਂ ਕਰਨ ਲੱਗੀ ਮੈਂ ਉਸ ਨੂੰ ਪੁੱਛਿਆ ਰਿੰਕੀ ਤੇਰਾ ਸਹੁਰਾ ਪਰਿਵਾਰ ਕਿਹੋ ਜਿਹਾ ਹੈ ??? ਉਸ ਨੇ ਕਿਹਾ ,” ਸਭ ਹੀ ਬਹੁਤ ਅੱਛੇ ਹੈਂ ਮੁਝੇ ਬਹੁਤ ਪਿਆਰ ਕਰਤੇ ਹੈਂ ਦੇਖੋ ਮੇਰੇ ਕੋ ਕਿਤਨੀ ਅੱਛੀ ਸਾੜ੍ਹੀ ਦੀ ਹੈ, ਗਹਿਣੇ ਦੀਏ ਹੈਂ ।” ਉਹ ਕਦੇ ਮੈਨੂੰ ਆਪਣੀਆਂ ਚੂੜੀਆਂ ਦਿਖਾਉਂਦੀ, ਕਦੀ ਆਪਣੀ ਸਾੜ੍ਹੀ ਦਿਖਾਉਂਦੀ ,ਕਦੀ ਆਪਣੀ ਨੇਲ ਪਾਲਿਸ਼ ਦਿਖਾਉਂਦੀ। ਛੋਟੀ ਜਿਹੀ ਨਾਬਾਲਿਗ ਕੁੜੀ ਅੱਜ ਗਹਿਣਿਆਂ ਤੇ ਭਾਰੀ ਸਾੜ੍ਹੀ ਵਿਚ ਔਰਤ ਲੱਗ ਰਹੀ ਸੀ ਪਰ ਉਹ ਬਹੁਤ ਖੁਸ਼ ਲੱਗ ਰਹੀ ਸੀ ਉਸ ਲਈ ਵਿਆਹ ਦਾ ਮਤਲਬ ਗਹਿਣੇ ਪਾਉਣਾ ਤੇ ਨਵੇਂ ਕੱਪੜੇ ਪਾਉਣਾ ਹੀ ਲੱਗ ਰਿਹਾ ਸੀ । ਮੈਂ ਉਸ ਨੂੰ ਖਾਣ ਲਈ ਕੁਝ ਫਲ ਤੇ ਥੋੜ੍ਹੇ ਬਿਸਕੁਟ ਦਿੱਤੇ ਉਸ ਨੇ ਫਟਾ ਫਟ ਖਾ ਲਏ । ਥੋੜ੍ਹੀ ਦੇਰ ਗੱਲਾਂ ਕਰਕੇ ਉਹ ਆਪਣੇ ਘਰ ਚਲੀ ਗਈ
ਮੈਂ ਰਿੰਕੀ ਦੀ ਮਾਂ ਨੂੰ ਕਿਹਾ ਕਿ ਜੇਕਰ ਇਸ ਨੇ ਇੱਥੇ ਹੀ ਰਹਿਣਾ ਹੈ ਤਾਂ ਇਸ ਨੂੰ ਮੇਰੇ ਘਰ ਕੰਮ ਕਰਨ ਲਈ ਭੇਜ ਦਿਆ ਕਰ ਪਰ ਰਿੰਕੀ ਦੀ ਮਾਂ ਨੇ ਸਾਫ ਇਨਕਾਰ ਕਰ ਦਿੱਤਾ ਕਿ ਉਹ ਹੁਣ ਵਿਆਹ ਤੋਂ ਬਾਅਦ ਘਰਾਂ ਦਾ ਕੰਮ ਨਹੀਂ ਕਰੇਗੀ । ਮੈਂ ਵੀ ਆਪਣੇ ਮਨ ਨੂੰ ਸਮਝਾ ਕੇ ਨਵੀਂ ਕੰਮਵਾਲੀ ਰੱਖ ਲਈ ਤੇ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਵਿੱਚ ਰੁੱਝ ਗਈ। ਹੌਲੀ ਹੌਲੀ ਰਿੰਕੀ ਦਾ ਖਿਆਲ ਘਟ ਗਿਆ । ਸਮਾਂ ਬੀਤਦਾ ਗਿਆ ਸਾਲ ਭਰ ਰਿੰਕੀ ਦੀ ਮਾਂ ਅਤੇ ਰਿੰਕੀ ਨਾਲ ਕੋਈ ਮੇਲ ਨਾ ਹੋਇਆ । ਫਿਰ ਇੱਕ ਦਿਨ ਜਦ ਮੈਂ ਸੈਰ ਕਰ ਰਹੀ ਸੀ ਤਾਂ ਮੈਨੂੰ ਰਿੰਕੀ ਆਪਣੀ ਮੰਮੀ ਨਾਲ ਗਲੀ ਵਿੱਚ ਆਉਂਦੀ ਨਜ਼ਰ ਆਈ। ਰਿੰਕੀ ਆਪਣੇ ਗਰਭ ਕਾਲ ਦੇ ਅੰਤਲੇ ਸਮੇਂ ਵਿੱਚ ਸੀ । ਮੈਨੂੰ ਇਹ ਸਭ ਦੇਖ ਕੇ ਬਹੁਤ ਗੁੱਸਾ ਆਇਆ । ਮੈਂ ਰਿੰਕੀ ਦੀ ਮਾਂ ਨੂੰ ‍ਏਸ ਸਭ ਕੁਝ ਦਾ ਕਾਰਨ ਪੁੱਛਿਆ । ਉਹ ਦੱਸਣ ਲੱਗੀ-” ਕਿਆ ਕਰਤੇ ਦੀਦੀ ਇਸ ਕੋ ਸਸੁਰਾਲ ਸੇ ਆਏ ਅਭੀ ਪੰਦਰਾਂ ਦਿਨ ਹੂਏ ਥੇ ਕੇ ਸਸੁਰਾਲ ਵਾਲੋਂ ਕਾ ਫੋਨ ਆ ਗਿਆ ਕਿ ਇਸ ਕੀ ਜੇਠਾਨੀ ਬਹੁਤ ਬਿਮਾਰ ਹੈ ,ਰਿੰਕੀ ਕੋ ਦੁਬਾਰਾ ਵਹਾਂ ਬੁਲਾਇਆ, ਸਸੁਰਾਲ ਵਾਲੋਂ ਕੀ ਬਾਤ ਤੋਂ ਮਾਨਨੀ ਪੜ੍ਹੇਗੀ ਦੀਦੀ ਮੈਂ ਨੇ ਰਿੰਕੀ ਕੋ ਸਸੁਰਾਲ ਭੇਜ ਦੀਆ ਵਹਾਂ ਰਹੇਗੀ ਤੋ …..ਏਨਾ ਕਹਿ ਕੇ ਉਹ ਚੁੱਪ ਕਰ ਗਈ । ਮੈਂ ਵੀ ਕੁਝ ਨਾ ਬੋਲ ਸਕੀ… ਮੈਂ ਰਿੰਕੀ ਨੂੰ ਪੁੱਛਿਆ,” ਪੁੱਤਰ ਤੇਰੀ ਸਿਹਤ ਠੀਕ ਹੈ?” ਹਾਂ ਆਂਟੀ! ਮੈਂ ਬਿਲਕੁਲ ਠੀਕ ਹੂੰ । ਉਹ ਚਿਹਰੇ ਤੋਂ ਖੁਸ਼ ਨਜ਼ਰ ਨਹੀਂ ਸੀ ਆ ਰਹੀ, ਬਲਕਿ ਉਸਦੇ ਚਿਹਰੇ ਤੇ ਉਦਾਸੀ ਅਤੇ ਸਰੀਰ ਬਹੁਤ ਕਮਜ਼ੋਰ ਲਗ ਰਿਹਾ ਸੀ। ਸ਼ਾਇਦ ਹੁਣ ਉਸਨੂੰ ਵਿਆਹ ਦਾ ਮਤਲਬ ਸਮਝ ਲਗ ਚੁੱਕਾ ਸੀ। ਮੈਂ ਉਸ ਨੂੰ ਪੁੱਛਿਆ,” ਰਿੰਕੀ ਘਰ ਵਿੱਚ ਕੀ ਕੀ ਕੰਮ ਕਰਦੀ ਏਂ? ਉਸ ਨੇ ਫਟਾਫਟ ਦੱਸਿਆ -ਮੈਂ ਸਾਸੂ ਮਾਂ ਕੇ ਪੈਰੋਂ ਕੀ ਮਾਲਿਸ਼ ਕਰਤੀ ਹੂੰ , ਸਾਸੂ ਮਾਂ ਕੇ ਪੈਰ ਦਬਾਤੀ ਹੂੰ,ਰਾਤ ਕਾ ਖਾਣਾ ਬਨਾਤੀ ਹੂੰ,ਦਿਨ ਕਾ ਖਾਨਾ ਬਨਾਤੀ ਹੂ ਸਭ ਕੋ ਖਿਲਾਤੀ ਹੂੰ । ” ਪਤਾ ਨਹੀਂ ਕਿੰਨੇ ਕੁ ਕੰਮ ਉਸਨੇ ਗਿਣਾ ਦਿੱਤੇ । ਰਿੰਕੀ ਦੀ ਮਾਂ ਨੇ ਦੱਸਿਆ ਕਿ ਉਹ ਹੁਣ ਬਿਹਾਰ ਆਪਣੇ ਪਿੰਡ ਜਾ ਰਹੇ ਹਨ ।ਕੋਰੋਨਾ ਕਰ ਕੇ ਇੱਥੇ ਹੁਣ ਸਭ ਕੁਝ ਠੱਪ ਹੋ ਗਿਆ ਹੈ ਰਿੰਕੀ ਦਾ ਜਣੇਪਾ ਵੀ ਉਹ ਹੁਣ ਬਿਹਾਰ ਹੀ ਕਰਵਾਏਗੀ । ਮੈਂ ਉਸ ਨੂੰ ਬਹੁਤ ਸਮਝਾਇਆ ਕਿ ਤੂੰ ਇੱਥੇ ਹੀ ਰਹਿ ਜਾ, ਸ਼ਹਿਰ ਵਿੱਚ ਬਹੁਤ ਸੁਵਿਧਾਵਾਂ ਨੇ ਪਿੰਡ ਵਿਚ ਅਜਿਹੀਆਂ ਸੁਵਿਧਾਵਾਂ ਨਹੀਂ ਮਿਲਣਗੀਆਂ । ਮੈਂ ਉਸ ਨੂੰ ਏਨਾ ਵੀ ਕਿਹਾ ਕਿ ਰਿੰਕੀ ਦੀ ਡਿਲਿਵਰੀ ਦਾ ਸਾਰਾ ਖਰਚਾ ਮੈਂ ਚੁੱਕ ਲਵਾਂਗੀ । ਪਰ ਉਸ ਨੇ ਕਿਹਾ ਹੁਣ ਸਾਰੇ ਇੰਤਜ਼ਾਮ ਚੁੱਕੇ ਹਨ ਅਸੀਂ ਹੁਣ ਬਿਹਾਰ ਜਾਣਾ ਹੀ ਹੈ ।
ਬਿਹਾਰ ਜਾਣ ਤੋਂ ਬਾਅਦ ਤਿੰਨ ਚਾਰ ਮਹੀਨੇ ਉਨ੍ਹਾਂ ਨਾਲ ਕੋਈ ਗੱਲ ਨਾ ਹੋਈ ਮੈਂ ਇੱਕ ਦੋ ਵਾਰ ਫੋਨ ਕਰਨਾ ਚਾਹਿਆ ਪਰ ਉਨ੍ਹਾਂ ਦਾ ਨੰਬਰ ਨਾ ਲੱਗ ਸਕਣ ਕਾਰਨ ਉਨ੍ਹਾਂ ਨਾਲ ਗੱਲ ਨਾ ਹੋ ਸਕੀ । ਮੈਂ ਇਹੀ ਸੋਚਾਂ ਸੋਚਦੀ ਰਹਿੰਦੀ ਕਿ ਹੁਣ ਤਾਂ ਰਿੰਕੀ ਮਾਂ ਬਣ ਗਈ ਹੋਵੇਗੀ । ਪਤਾ ਨਹੀਂ ਕੁੜੀ ਹੋਈ ਹੋਵੇਗੀ ਜਾਂ ਮੁੰਡਾ । ਜਦ ਮੈਂ ਆਪਣੇ ਪਤੀ ਨਾਲ ਇਸ ਬਾਰੇ ਗੱਲ ਕਰਦੀ ਤਾਂ ਉਹ ਮੈਨੂੰ ਗੁੱਸਾ ਹੁੰਦੇ ਕੇ ਰਿੰਕੀ ਤਾਂ ਤੈਨੂੰ ਕਦੋਂ ਦੀ ਭੁੱਲ ਗਈ ਏਂ ਤੂੰ ਰਿੰਕੀ ਨੂੰ ਕਿਉਂ ਨਹੀਂ ਭੁੱਲ ਰਹੀ ???
ਫਿਰ ਇੱਕ ਦਿਨ ਰਿੰਕੀ ਦੀ ਮੰਮੀ ਮੈਨੂੰ ਗਲੀ ਵਿੱਚ ਨਜ਼ਰ ਆਈ ਉਸ ਨੇ ਇੱਕ ਛੋਟੇ ਜਿਹੇ ਬੱਚੇ ਨੂੰ ਚੁੱਕਿਆ ਹੋਇਆ ਸੀ । ਸ਼ਾਇਦ ਪੰਜ ਮਹੀਨੇ ਦੀ ਛੋਟੀ ਜਿਹੀ ਬੱਚੀ ਸੀ ਮੈਂ ਨੇੜੇ ਪਹੁੰਚੀ ਤਾਂ ਉਹ ਮੇਰੇ ਤੋਂ ਅੱਖਾਂ ਚੁਰਾਉਣ ਲੱਗੀ ਮੈਂ ਉਸ ਨੂੰ ਜ਼ੋਰ ਨਾਲ ਆਵਾਜ਼ ਮਾਰ ਕੇ ਪੁੱਛਿਆ,” ਸ਼ੀਲਾ !ਕੀ ਹਾਲ ਏ ਤੇਰਾ?” ਠੀਕ ਹੂੰ ਬਹਿਨ ਜੀ! ਉਸ ਨੇ ਬੜੀ ਮਰੀਅਲ ਆਵਾਜ਼ ਵਿੱਚ ਕਿਹਾ। ਹੋਰ ਕੀ ਹਾਲ ਐ ?ਬੱਚਾ ਕਿਸ ਦਾ ਹੈ? ਰਿੰਕੀ ਦਾ ਕੀ ਹਾਲ ਹੈ? ਕੀ ਬੱਚਾ ਹੋਇਆ ਰਿੰਕੀ ਦੇ??? ਮੇਰਾ ਰਿੰਕੀ ਬਾਰੇ ਪੁੱਛਦਿਆਂ ਹੀ ਸ਼ੀਲਾ ਦੀਆਂ ਅੱਖਾਂ ਵਿੱਚੋਂ ਮੋਟੇ ਮੋਟੇ ਅੱਥਰੂ ਆ ਗਏ । ਮੈਂ ਪੁੱਛਿਆ ਰੋ ਕਿਉਂ ਰਹੀ ਏ ?? “ਦੀਦੀ ਜੀ ਕਿਆ ਬਤਾਏਂ ???ਰਿੰਕੀ ਅਬ ਇਸ ਦੁਨੀਆ ਮੇਂ ਨਹੀਂ ਹੈ , ਗਾਓਂ ਮੇਂ ਜਬ ਰਿੰਕੀ ਕੇ ਜਨੇਪੇ ਕਾ ਸਮਾਂ ਆਇਆ ਤੋ ਉਸਕਾ ਸਰੀਰ ਬਹੁਤ ਕਮਜ਼ੋਰ ਥਾ ਔਰ ਉਸਮੇਂ ਖੂਨ ਕੀ ਕਮੀ ਥੀ, ਉਸ ਨੇ ਇਸ ਫੂਲ ਜੈਸੀ ਬੱਚੀ ਕੋ ਜਨਮ ਦੇ ਕੇ ਮੇਰੇ ਹਾਥੋਂ ਮੇਂ ਹੀ ਦਮ ਤੋੜ ਦੀਆ।” ਇੰਨਾ ਕਹਿ ਕੇ ਉਹ ਜਾਰੋ ਜਾਰ ਰੋਣ ਲੱਗੀ।ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਉੱਚੀ ਉੱਚੀ ਰੋਵਾਂ ਕਿਉਂਕਿ ਮੈਂ ਰਿੰਕੀ ਲਈ ਕੁਝ ਵੀ ਨਹੀਂ ਕਰ ਸਕੀ । ਮੇਰੀਆਂ ਅੱਖਾਂ ਹੰਝੂਆਂ ਨਾਲ ਭਿੱਜੀਆਂ ਹੋਈਆਂ ਸਨ ਮੈਂ ਉਸ ਦੀ ਬੇਟੀ ਨੂੰ ਗੋਦ ਵਿੱਚ ਚੁੱਕਿਆ ਮੈਨੂੰ ਲੱਗਾ ਜਿਵੇਂ ਰਿੰਕੀ ਦਾ ਛੋਟਾ ਜਿਹਾ ਰੂਪ ਮੇਰੀਆਂ ਅੱਖਾਂ ਸਾਹਮਣੇ ਹੈ । ਮੈਂ ਸ਼ੀਲਾ ਨੂੰ ਪੁੱਛਿਆ,” ਇਸ ਦਾ ਪਿਤਾ ਕਿੱਥੇ ਹੈ? ਬੱਚੀ ਨੂੰ ਪਿਤਾ ਕੋਲ ਕਿਉਂ ਨਹੀਂ ਛੱਡਿਆ ??? ਸ਼ੀਲਾ ਨੇ ਦੱਸਿਆ ਕਿ ਬੱਚੀ ਦੇ ਪਿਤਾ ਨੇ ਰਿੰਕੀ ਦੀ ਮੌਤ ਤੋਂ ਤਿੰਨ ਮਹੀਨੇ ਬਾਅਦ ਹੀ ਦੂਜਾ ਵਿਆਹ ਕਰਵਾ ਲਿਆ ਸੀ । ਮੈਂ ਕੁਝ ਨਾ ਬੋਲ ਸਕੀ ਭਰੀਆਂ ਅੱਖਾਂ ਨਾਲ ਉਸ ਦੀ ਬੇਟੀ ਦੇ ਸਿਰ ਤੇ ਹੱਥ ਰੱਖਿਆ। ਉਸਦੇ ਜਾਣ ਤੋਂ ਬਾਅਦ ਮੈਂ ਆਪਣਾ ਕਮਰਾ ਬੰਦ ਕਰਕੇ ਰੋਣ ਲੱਗੀ । ਮੈਨੂੰ ਲੱਗਾ ਰਿੰਕੀ ਦੀ ਮੌਤ ਨਹੀਂ ਹੋਈ ਸਗੋਂ ਉਸ ਦਾ ਕਤਲ ਹੋਇਆ ਹੈ । ਪਰ ਇਸ ਕਤਲ ਦਾ ਜ਼ਿੰਮੇਵਾਰ ਕੌਣ ਹੈ ,ਰਿੰਕੀ ਦੀ ਮਾਂ ਜਾਂ ਇਹ ਸਮਾਜ ? ਮਾਂ, ਜਿਸ ਨੇ ਕਿ ਸਮਾਜ ਦੇ ਡਰ ਤੋਂ ਆਪਣੀ ਨਿੱਕੀ ਜਿਹੀ ਕੁੜੀ ਦਾ ਵਿਆਹ ਕਰ ਦਿੱਤਾ , ਜਾਂ ਫਿਰ ਉਸ ਦੇ ਸਹੁਰਾ ਪਰਿਵਾਰ ਵਾਲੇ ਜਿਨ੍ਹਾਂ ਨੇ ਰਿੰਕੀ ਦੇ ਖੇਡਣ ਦੀ ਉਮਰ ਵਿੱਚ ਉਸ ਉੱਤੇ ਗ੍ਰਹਿਸਥੀ ਦਾ ਬੋਝ ਪਾ ਦਿੱਤਾ , ਜਾਂ ਫਿਰ ਮੈਂ ਜੋ ਸਭ ਕੁਝ ਦੇਖਦੀ ਸਮਝਦੀ ਹੋਈ ਵੀ ਚੁੱਪ ਰਹੀ ।

ਲਲਿਤਾ ਅਰੋੜਾ,
ਪ੍ਰਿੰਸੀਪਲ,
ਸ. ਕੰ. ਸ. ਸ ਸਕੂਲ, ਰੇਲਵੇ ਮੰਡੀ,
ਹੁਸ਼ਿਆਰਪੁਰ।
ਫੋਨ ਨੰਬਰ:9814887900

Share
  •  
  •  
  •  
  •  
  •  

You may also like

article-image
पंजाब , हरियाणा

बाबा तिलों राजपूत गर्ग परिवार डोड गोत्र जठेरों के मेले में लार्ड दिलजीत राणा यूके, डीजीपी निर्मल सिंह विशेष तौर पर हुए शामिल

लार्ड दिलजीत राणा, सेवानिवृत डीजपी निमर्ल सिंह कासम्मान टिक्का जतिंद्र चंद व  राणा राज कुमार हरवां दुारा सम्मान गढ़शंकर। बाबा तिलों राजपूत गर्ग परिवार डोड गोत्र के जठेरों का मेला भवानीपुर में मनाया गया।...
article-image
पंजाब

गढ़शंकर में चक्का जाम -संयुक्त किसान मोर्चा के आह्वान पर किसान संगठनों ने किया

गढ़शंकर,  13 अक्तूबर:  संयुक्त किसान मोर्चा के आह्वान पर गढ़शंकर में आज विभिन्न संगठनों ने किसानों की मांगों को लेकर गढ़शंकर-होशियारपुर मुख्य मार्ग पर धरना देकर चक्का जाम किया। इस मौके पर  विभिन्न किसान...
article-image
पंजाब

मौसम विभाग की भविष्यवाणी : पंजाब में अभी भी जारी रहेगा बारिश का सिलसिला !

मोहाली : 26 सितम्बर: पंजाब में मौसम ने एक बार फिर अपना मिजाज बदल लिया है। पंजाब में कई स्थानों पर लगातार वर्षा हो रही है। मौसम विभाग द्वारा सोमवार को भी वर्षा होने...
article-image
पंजाब

चंद पूंजीपतियों के है कोयले के बिजनेस, भठ्ठा उद्योग संकट में सरकार निकालने के लिए करे उपाय…. मनीष गुप्ता प्रधान भठ्ठा यूनियन

गढ़शंकर – पंजाब के करीब 25 सौ भठ्ठों पर काम करने वाले लोगों की संख्या पांच लाख है जिनके घर का चूल्हा इस उद्योग से चलता है। कोरोना के चलते इन लोगों के खान...
Translate »
error: Content is protected !!